ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਜ਼ਬੂਰ 7

ਇਹ ਅਧਿਆਇ ਇਸ ਦਾ ਹਿੱਸਾ ਹੈ: Boek I

1ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ! ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ, 2ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂੰ ਮੇਰੀ ਜਿੰਦ ਨੂੰ ਪਾੜ ਖਾਵੇ, ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ-ਟੋਟੇ ਕਰ ਛੱਡੇ। 3ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੇਰੇ ਕੋਲੋਂ ਇਹ ਹੋਇਆ ਹੋਵੇ, ਜੇ ਮੇਰੇ ਹੱਥੋਂ ਬਦੀ ਹੋਈ ਹੋਵੇ, 4ਜੇ ਮੈਂ ਆਪਣੇ ਸਾਥੀ ਨਾਲ ਬੁਰਿਆਈ ਕੀਤੀ ਹੋਵੇ, ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ 5ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਧ ਦੇਵੇ, ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ। ਸਲਹ। 6ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ, ਅਤੇ ਮੇਰੇ ਲਈ ਜਾਗ। ਤੂੰ ਨਿਆਂ ਦਾ ਹੁਕਮ ਕੀਤਾ ਹੈ। 7ਉੱਮਤਾਂ ਦੀ ਮੰਡਲੀ ਮੇਰੇ ਦੁਆਲੇ ਆਵੇ, ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਨੂੰ ਮੁੜ ਜਾ। 8ਯਹੋਵਾਹ ਕੌਮਾਂ ਦਾ ਨਿਆਂ ਕਰੇਗਾ, ਹੇ ਯਹੋਵਾਹ, ਮੇਰੇ ਧਰਮ ਅਤੇ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ। 9ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ, ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਤੇ ਗੁਰਦਿਆਂ ਨੂੰ ਜਾਚਦਾ ਹੈਂ। 10ਮੇਰੀ ਢਾਲ਼ ਪਰਮੇਸ਼ੁਰ ਦੇ ਕੋਲ ਹੈ, ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ। 11ਪਰਮੇਸ਼ੁਰ ਸੱਚਾ ਨਿਆਈਂ ਹੈ, ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਕ੍ਰੋਧਵਾਨ ਰਹਿੰਦਾ ਹੈ। 12ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, ਉਸ ਨੇ ਆਪਣਾ ਧਣੁੱਖ ਝੁਕਾ ਕੇ ਤਿਆਰ ਕਰ ਰੱਖਿਆ ਹੈ। 13ਉਹ ਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, ਉਹ ਆਪਣੇ ਤੀਰਾਂ ਨੂੰ ਅਗਨ-ਬਾਣ ਬਣਾਉਂਦਾ ਹੈ। 14ਵੇਖੋ, ਦੁਸ਼ਟ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ। 15ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ। 16ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, ਅਤੇ ਉਸ ਦਾ ਅਨ੍ਹੇਰ ਉਸੇ ਦੇ ਸਿਰ ਉੱਤੇ ਪਵੇਗਾ। 17ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ।

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।