ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਜ਼ਬੂਰ 102

ਇਹ ਅਧਿਆਇ ਇਸ ਦਾ ਹਿੱਸਾ ਹੈ: Boek IV

1ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ! 2ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣਾ ਕੰਨ ਮੇਰੀ ਵੱਲ ਝੁਕਾ, ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ! 3ਮੇਰੇ ਜਿਉਣ ਦੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ। 4ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ। 5ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ। 6ਮੈਂ ਉਜਾੜ ਦੇ ਲੰਮਢੀਂਗ ਦੇ ਤੁੱਲ ਹੋਇਆ, ਅਤੇ ਵਿਰਾਨੇ ਦਾ ਉੱਲੂ ਬਣਿਆ! 7ਮੈਂ ਜਾਗਦਾ ਰਿਹਾ ਅਤੇ ਉਸ ਚਿੜ੍ਹੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ। 8ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, ਅਤੇ ਮੇਰੇ ਜਾਨੀ ਦੁਸ਼ਮਣ ਮੇਰਾ ਨਾਮ ਲੈ ਕੇ ਫਿਟਕਾਰਾਂ ਪਾਉਂਦੇ ਹਨ। 9ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, ਅਤੇ ਆਪਣੇ ਪੀਣ ਵਿੱਚ ਹੰਝੂ ਮਿਲਾਉਂਦਾ ਹਾਂ। 10ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ! 11ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ। 12ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੱਕ! 13ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ। 14ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ। 15ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈਅ ਖਾਣਗੀਆਂ, ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ। 16ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ। 17ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ। 18ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ। 19ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ, 20ਕਿ ਗ਼ੁਲਾਮ ਦਾ ਹਾਉਂਕਾ ਸੁਣੇ, ਅਤੇ ਮਰਨ ਵਾਲਿਆਂ ਨੂੰ ਛੁਡਾਵੇ, 21ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ, 22ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ। 23ਆਪਣੀ ਸਮਰੱਥਾ ਨਾਲ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, ਉਸ ਨੇ ਮੇਰੀ ਉਮਰ ਨੂੰ ਘਟਾਇਆ। 24ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, ਪੀੜ੍ਹੀਓਂ ਪੀੜ੍ਹੀ ਤੇਰੇ ਵਰ੍ਹੇ ਹਨ! 25ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ। 26ਉਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, ਸੋ ਉਹ ਬਦਲ ਜਾਣਗੇ! 27ਪਰ ਤੂੰ ਉਹ ਹੀ ਹੈਂ, ਅਤੇ ਤੇਰੇ ਜੀਵਨ ਦੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ। 28ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁਖ ਕਾਇਮ ਰਹੇਗੀ।

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।