ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਅੱਯੂਬ 28

ਇਹ ਅਧਿਆਇ ਇਸ ਦਾ ਹਿੱਸਾ ਹੈ: Gesprekken met de vrienden

1ਚਾਂਦੀ ਲਈ ਤਾਂ ਖਾਨ ਹੁੰਦੀ ਹੈ, ਅਤੇ ਸੋਨੇ ਲਈ ਸਥਾਨ ਜਿੱਥੇ ਉਸ ਨੂੰ ਤਾਇਆ ਜਾਂਦਾ ਹੈ। 2ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਧਾਤੂ ਨੂੰ ਢਾਲ਼ ਕੇ ਤਾਂਬਾ ਬਣਾਇਆ ਜਾਂਦਾ ਹੈ। 3ਮਨੁੱਖ ਹਨੇਰੇ ਨੂੰ ਦੂਰ ਕਰ ਕੇ ਸਰਹੱਦ ਤੱਕ ਘੁੱਪ ਹਨੇਰ ਅਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ। 4ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ। 5ਧਰਤੀ ਤੋਂ ਰੋਟੀ ਤਾਂ ਮਿਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ। 6ਇਸ ਦੀਆਂ ਚੱਟਾਨਾਂ ਨੀਲਮ ਦਾ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ। 7ਸ਼ਿਕਾਰੀ ਪੰਛੀ ਉਸ ਦੇ ਰਾਹ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਸ ਨੂੰ ਵੇਖਿਆ ਹੈ। 8ਘਾਤਕ ਜਾਨਵਰ ਉਸ ਵਿੱਚ ਨਹੀਂ ਚਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ। 9ਮਨੁੱਖ ਆਪਣਾ ਹੱਥ ਚਕਮਕ ਪੱਥਰ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ। 10ਉਹ ਚੱਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹ ਦੀ ਅੱਖ ਹਰੇਕ ਬਹੁਮੁੱਲੀ ਵਸਤੂ ਨੂੰ ਵੇਖਦੀ ਹੈ। 11ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ। 12ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ? 13ਮਨੁੱਖ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ। 14ਡੂੰਘਿਆਈ ਕਹਿੰਦੀ ਹੈ, “ਉਹ ਮੇਰੇ ਵਿੱਚ ਨਹੀਂ ਹੈ” ਅਤੇ ਸਮੁੰਦਰ ਕਹਿੰਦਾ ਹੈ, “ਉਹ ਮੇਰੇ ਕੋਲ ਨਹੀਂ ਹੈ।” 15ਉਹ ਕੁੰਦਨ ਸੋਨੇ ਨਾਲ ਮੁੱਲ ਨਹੀਂ ਲਈ ਜਾਂਦੀ, ਨਾ ਉਹ ਦੇ ਮੁੱਲ ਲਈ ਚਾਂਦੀ ਤੋਲੀਦੀ ਹੈ। 16ਓਫੀਰ ਦੇ ਸੋਨੇ ਤੋਂ ਉਹ ਦੀ ਕੀਮਤ ਭਰ ਨਹੀਂ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਪੱਥਰ ਤੋਂ, ਨਾ ਨੀਲਮ ਤੋਂ। 17ਸੋਨਾ ਅਤੇ ਕੱਚ ਉਹ ਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਉਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ। 18ਮੂੰਗੇ ਅਤੇ ਬਲੌਰ ਦੀ ਉਸ ਦੇ ਅੱਗੇ ਕੀ ਤੁਲਣਾ ਹੈ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਵੱਧ ਹੈ। 19ਇਥੋਪਿਆ ਅਰਥਾਤ ਕੂਸ਼ ਦਾ ਪੁਖਰਾਜ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸਕਦੀ ਹੈ। 20ਬੁੱਧ ਫੇਰ ਕਿੱਥੋਂ ਆਉਂਦੀ ਹੈ, ਅਤੇ ਸਮਝ ਦਾ ਥਾਂ ਕਿੱਥੇ ਹੈ? 21ਉਹ ਤਾਂ ਹਰੇਕ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦੇ ਪੰਛੀਆਂ ਤੋਂ ਛਿਪੀ ਹੋਈ ਹੈ। 22ਵਿਨਾਸ਼ ਤੇ ਮੌਤ ਆਖਦੀਆਂ ਹਨ, “ਅਸੀਂ ਸਿਰਫ਼ ਉਹ ਦੀ ਚਰਚਾ ਸੁਣੀ ਹੈ।” 23ਪਰ ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ, 24ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੱਕ ਨਿਗਾਹ ਮਾਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ। 25ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ, 26ਜਦ ਉਹ ਨੇ ਮੀਂਹ ਲਈ ਬਿਧੀ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ ਠਹਿਰਾਇਆ, 27ਤਦ ਉਸ ਨੇ ਬੁੱਧ ਨੂੰ ਵੇਖਿਆ ਅਤੇ ਦੱਸਿਆ, ਉਸ ਨੇ ਉਹ ਨੂੰ ਕਾਇਮ ਕੀਤਾ ਸਗੋਂ ਉਹ ਨੂੰ ਖ਼ੋਜਿਆ, 28ਅਤੇ ਉਸ ਨੇ ਮਨੁੱਖ ਨੂੰ ਆਖਿਆ, “ਵੇਖ, ਪ੍ਰਭੂ ਦਾ ਭੈਅ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ!”

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।