ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਅੱਯੂਬ 19

ਇਹ ਅਧਿਆਇ ਇਸ ਦਾ ਹਿੱਸਾ ਹੈ: Gesprekken met de vrienden

1ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ, 2“ਤੁਸੀਂ ਕਦੋਂ ਤੱਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ-ਚੂਰ ਕਰੋਗੇ? 3ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਕਰਦੇ ਜੋ ਤੁਸੀਂ ਮੇਰੇ ਨਾਲ ਸਖ਼ਤੀ ਕਰਦੇ ਹੋ? 4ਮੰਨ ਲਓ ਕਿ ਮੇਰੇ ਕੋਲੋਂ ਭੁੱਲ ਹੋਈ ਤਾਂ ਵੀ ਮੇਰੀ ਭੁੱਲ ਮੇਰੇ ਉੱਤੇ ਹੀ ਰਹੇਗੀ। 5ਜੇ ਤੁਸੀਂ ਸੱਚ-ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ, 6ਤਾਂ ਹੁਣ ਜਾਣ ਲਓ ਕਿ ਪਰਮੇਸ਼ੁਰ ਹੀ ਨੇ ਮੈਨੂੰ ਝੁਕਾਇਆ ਹੈ, ਅਤੇ ਮੈਨੂੰ ਆਪਣੇ ਜਾਲ਼ ਵਿੱਚ ਫਸਾਇਆ ਹੈ।” 7ਵੇਖੋ ਮੈਂ “ਜ਼ੁਲਮ, ਜ਼ੁਲਮ!” ਪੁਕਾਰਦਾ ਹਾਂ, ਪਰ ਕੋਈ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਸਹਾਇਤਾ ਲਈ ਦੁਹਾਈ ਦਿੰਦਾ ਹਾਂ ਪਰ ਕੋਈ ਨਿਆਂ ਨਹੀਂ ਕਰਦਾ! 8ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਤਾਂ ਜੋ ਮੈਂ ਲੰਘ ਨਾ ਸਕਾਂ, ਅਤੇ ਮੇਰੇ ਰਸਤਿਆਂ ਵਿੱਚ ਹਨ੍ਹੇਰਾ ਕਰ ਦਿੱਤਾ ਹੈ। 9ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ। 10ਉਹ ਨੇ ਮੈਨੂੰ ਚੌਂਹਾਂ ਪਾਸਿਆਂ ਤੋਂ ਤੋੜ ਸੁੱਟਿਆ, ਜਦੋਂ ਤੱਕ ਮੈਂ ਮੁੱਕ ਨਾ ਗਿਆ, ਅਤੇ ਮੇਰੀ ਆਸ ਨੂੰ ਰੁੱਖ ਵਾਂਗੂੰ ਪੁੱਟ ਸੁੱਟਿਆ ਹੈ। 11ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ! 12ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਂਦੇ ਹਨ। 13“ਉਸ ਨੇ ਮੇਰੇ ਘਰਾਣੇ ਨੂੰ ਮੈਥੋਂ ਦੂਰ ਕਰ ਦਿੱਤਾ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਥੋਂ ਬਿਲਕੁਲ ਬੇਗਾਨੇ ਹੋ ਗਏ। 14ਮੇਰੇ ਰਿਸ਼ਤੇਦਾਰ ਕੰਮ ਨਾ ਆਏ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਨੂੰ ਭੁੱਲ ਗਏ। 15ਮੇਰੇ ਘਰ ਵਿੱਚ ਰਹਿਣ ਵਾਲੇ ਸਗੋਂ ਮੇਰੀਆਂ ਦਾਸੀਆਂ ਵੀ ਮੈਨੂੰ ਓਪਰਾ ਗਿਣਦੀਆਂ ਹਨ, ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ। 16ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਉਹ ਦੀ ਮਿੰਨਤ ਕਰਨੀ ਪੈਂਦੀ ਹੈ। 17ਮੇਰਾ ਸਾਹ ਮੇਰੀ ਪਤਨੀ ਲਈ ਘਿਣਾਉਣਾ ਹੈ, ਅਤੇ ਮੇਰੇ ਆਪਣੇ ਭਰਾ ਮੈਥੋਂ ਘਿਣ ਕਰਦੇ ਹਨ। 18ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਉਹ ਮੈਨੂੰ ਮਿਹਣੇ ਮਾਰਦੇ ਹਨ! 19ਮੇਰੇ ਸਾਰੇ ਗੂੜ੍ਹੇ ਮਿੱਤਰ ਮੈਥੋਂ ਨਫ਼ਰਤ ਕਰਦੇ ਹਨ, ਅਤੇ ਮੇਰੇ ਪਿਆਰੇ ਮੇਰੇ ਵਿਰੁੱਧ ਹੋ ਗਏ ਹਨ। 20ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ! 21“ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਮਾਰਿਆ ਹੈ! 22ਤੁਸੀਂ ਪਰਮੇਸ਼ੁਰ ਵਾਂਗੂੰ ਕਿਉਂ ਮੇਰੇ ਪਿੱਛੇ ਪਏ ਹੋ? ਅਤੇ ਮੇਰੇ ਮਾਸ ਨੂੰ ਕਿਉਂ ਨਹੀਂ ਛੱਡਦੇ? 23“ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ! ਕਾਸ਼ ਕਿ ਉਹ ਪੋਥੀ ਵਿੱਚ ਲਿਖੀਆਂ ਜਾਂਦੀਆਂ, 24ਉਹ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ ਸਦਾ ਲਈ ਚੱਟਾਨ ਵਿੱਚ ਉੱਕਰੀਆਂ ਜਾਂਦੀਆਂ! 25ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ, 26ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ। 27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ। ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ! 28“ਜੇ ਤੁਸੀਂ ਆਖੋ ਕਿ ਕਿਵੇਂ ਅਸੀਂ ਉਹ ਦੇ ਪਿੱਛੇ ਪਈਏ! ਤਾਂ ਵੀ ਧਰਮ ਦੀ ਗੱਲ ਮੇਰੇ ਵਿੱਚ ਪਾਈ ਜਾਵੇਗੀ, 29ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਕ੍ਰੋਧ ਦਾ ਫਲ ਤਲਵਾਰ ਨਾਲ ਦੰਡ ਦੇ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਕਿ ਨਿਆਂ ਹੁੰਦਾ ਹੈ।”

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।