ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਕਹਾਉਤਾਂ 19

ਇਹ ਅਧਿਆਇ ਇਸ ਦਾ ਹਿੱਸਾ ਹੈ: Spreuken van Salomo

1ਪੁੱਠੀਆਂ ਗੱਲਾਂ ਕਰਨ ਵਾਲੇ ਮੂਰਖ ਨਾਲੋਂ, ਉਹ ਕੰਗਾਲ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ। 2ਮਨੁੱਖ ਦਾ ਗਿਆਨ ਰਹਿਤ ਹੋਣਾ ਵੀ ਚੰਗਾ ਨਹੀਂ, ਅਤੇ ਜਿਹੜਾ ਕਾਹਲੀ ਕਰਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ। 3ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਅਤੇ ਉਹ ਮਨ ਵਿੱਚ ਯਹੋਵਾਹ ਤੇ ਚਿੜਨ ਲੱਗਦਾ ਹੈ। 4ਧਨੀ ਦੇ ਬਹੁਤ ਮਿੱਤਰ ਬਣ ਜਾਂਦੇ ਹਨ, ਪਰ ਗਰੀਬ ਦੇ ਮਿੱਤਰ ਉਸ ਤੋਂ ਅਲੱਗ ਹੋ ਜਾਂਦੇ ਹਨ। 5ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਬਚੇਗਾ। 6ਪਰਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ, ਅਤੇ ਦਾਨੀ ਦੇ ਸੱਭੇ ਮਿੱਤਰ ਬਣ ਜਾਂਦੇ ਹਨ। 7ਜਦੋਂ ਕੰਗਾਲ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ, ਤਾਂ ਉਹ ਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ? ਉਹ ਗੱਲਾਂ ਨਾਲ ਉਹਨਾਂ ਦਾ ਪਿੱਛਾ ਕਰਦਾ ਹੈ ਪਰ ਨਹੀਂ ਲੱਭਦੇ ਹਨ। 8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹ ਨੂੰ ਲਾਭ ਮਿਲੇਗਾ। 9ਝੂਠਾ ਗਵਾਹ ਨਿਰਦੋਸ਼ ਨਾ ਠਹਿਰੇਗਾ, ਅਤੇ ਜਿਹੜਾ ਝੂਠ ਬੋਲਦਾ ਹੈ ਉਹ ਦਾ ਨਾਸ ਹੋਵੇਗਾ। 10ਮੌਜ ਮਾਣਨਾ ਮੂਰਖ ਨੂੰ ਨਹੀਂ ਫੱਬਦਾ, ਤਾਂ ਸਰਦਾਰਾਂ ਉੱਤੇ ਸੇਵਕਾਂ ਦਾ ਹੁਕਮ ਚਲਾਉਣਾ ਕਿਵੇਂ ਫੱਬੇ? 11ਸਮਝ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦੀ ਹੈ, ਅਤੇ ਅਪਰਾਧ ਤੋਂ ਮੂੰਹ ਫ਼ੇਰ ਲੈਣ ਵਿੱਚ ਉਹ ਦੀ ਸ਼ਾਨ ਹੈ। 12ਰਾਜੇ ਦਾ ਕਹਿਰ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹ ਦੀ ਪ੍ਰਸੰਨਤਾ ਘਾਹ ਉੱਤੇ ਪਈ ਹੋਈ ਤ੍ਰੇਲ ਵਾਂਗੂੰ ਹੈ। 13ਮੂਰਖ ਪੁੱਤਰ ਪਿਤਾ ਦੇ ਲਈ ਬਿਪਤਾ ਹੈ, ਅਤੇ ਪਤਨੀ ਦੇ ਝਗੜੇ-ਰਗੜੇ ਸਦਾ ਛੱਤ ਦੇ ਚੋਣ ਵਾਂਗੂੰ ਹਨ। 14ਘਰ ਅਤੇ ਧਨ ਮਾਪਿਆਂ ਤੋਂ ਮਿਰਾਸ ਵਿੱਚ ਮਿਲਦੇ ਹਨ, ਪਰ ਬੁੱਧਵਾਨ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ। 15ਆਲਸ ਘੂਕ ਨੀਂਦ ਵਿੱਚ ਪਾ ਦਿੰਦੀ ਹੈ, ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ। 16ਜਿਹੜਾ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦਾ ਹੈ ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਆਪਣੇ ਚਾਲ-ਚੱਲਣ ਉੱਤੇ ਧਿਆਨ ਨਹੀਂ ਦਿੰਦਾ ਉਹ ਮਰ ਜਾਵੇਗਾ। 17ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੇ, ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ। 18ਜਦ ਤੱਕ ਆਸ ਹੈ ਆਪਣੇ ਪੁੱਤਰ ਨੂੰ ਤਾੜਨਾ ਦੇ, ਜਾਣ ਬੁੱਝ ਕੇ ਉਹ ਦੇ ਨਾਸ ਦਾ ਕਾਰਨ ਨਾ ਬਣ। 19ਡਾਢੇ ਕ੍ਰੋਧੀ ਨੂੰ ਸਜ਼ਾ ਭੋਗਣ ਦੇ, ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ-ਬਾਰ ਛੁਡਾਉਣਾ ਪਵੇਗਾ। 20ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ, ਤਾਂ ਜੋ ਅੰਤ ਵਿੱਚ ਬੁੱਧਵਾਨ ਬਣੇਂ। 21ਮਨੁੱਖ ਦੇ ਮਨ ਵਿੱਚ ਅਨੇਕ ਯੋਜਨਾਵਾਂ ਹੁੰਦੀਆਂ ਹਨ, ਪਰ ਯਹੋਵਾਹ ਦੀ ਯੋਜਨਾ ਕਾਇਮ ਰਹੇਗੀ। 22ਮਨੁੱਖ ਦੀ ਦਯਾ ਦੇ ਕਾਰਨ ਉਸ ਨੂੰ ਪਸੰਦ ਕੀਤਾ ਜਾਂਦਾ ਹੈ, ਅਤੇ ਝੂਠੇ ਮਨੁੱਖ ਨਾਲੋਂ ਕੰਗਾਲ ਹੀ ਚੰਗਾ ਹੈ। 23ਯਹੋਵਾਹ ਦਾ ਭੈਅ ਮੰਨਣ ਨਾਲ ਜੀਵਨ ਦਾ ਵਾਧਾ ਹੁੰਦਾ ਹੈ, ਭੈਅ ਮੰਨਣ ਵਾਲਾ ਤ੍ਰਿਪਤ ਰਹੇਗਾ, ਅਤੇ ਬਿਪਤਾ ਤੋਂ ਬਚਿਆ ਰਹੇਗਾ। 24ਆਲਸੀ ਆਪਣਾ ਹੱਥ ਥਾਲੀ ਵਿੱਚ ਪਾਉਂਦਾ ਹੈ, ਪਰ ਐਨਾ ਵੀ ਨਹੀਂ ਕਰਦਾ ਭਈ ਉਹ ਨੂੰ ਫੇਰ ਮੂੰਹ ਤੱਕ ਲਿਆਵੇ। 25ਠੱਠਾ ਕਰਨ ਵਾਲੇ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ, ਅਤੇ ਸਮਝ ਵਾਲੇ ਨੂੰ ਤਾੜਨਾ ਦੇ, ਉਹ ਗਿਆਨ ਨੂੰ ਸਮਝੇਗਾ। 26ਜਿਹੜਾ ਆਪਣੇ ਪਿਉ ਨੂੰ ਉਜਾੜ ਦਿੰਦਾ ਅਤੇ ਆਪਣੀ ਮਾਂ ਨੂੰ ਘਰੋਂ ਕੱਢ ਦਿੰਦਾ ਹੈ, ਉਹ ਨਿਰਾਦਰ ਅਤੇ ਸ਼ਰਮਿੰਦਗੀ ਦਾ ਕਾਰਨ ਹੋਵੇਗਾ। 27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ। 28ਨਿਕੰਮਾ ਗਵਾਹ ਨਿਆਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ, ਅਤੇ ਦੁਸ਼ਟਾਂ ਦਾ ਮੂੰਹ ਬੁਰਿਆਈ ਨੂੰ ਨਿਗਲ ਜਾਂਦਾ ਹੈ। 29ਠੱਠਾ ਕਰਨ ਵਾਲਿਆਂ ਦੇ ਲਈ ਸਜ਼ਾ ਤਿਆਰ ਹੈ, ਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਹਨ।

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।