ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਵਿਰਲਾਪ 3

ਇਹ ਅਧਿਆਇ ਇਸ ਦਾ ਹਿੱਸਾ ਹੈ: Hoop in het midden

1ਮੈਂ ਉਹ ਮਨੁੱਖ ਹਾਂ ਜਿਸ ਨੇ ਪਰਮੇਸ਼ੁਰ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ, 2ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ। 3ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ! 4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ। 5ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ। 6ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ ਹਨੇਰੇ ਸਥਾਨਾਂ ਵਿੱਚ ਵਸਾਇਆ ਹੈ। 7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ, ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ। 8ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ। 9ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ। 10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ, ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ। 11ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ, ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ। 12ਉਸ ਨੇ ਆਪਣਾ ਧਣੁੱਖ ਖਿੱਚਿਆ, ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ। 13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ। 14ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ, ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ। 15ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ, ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ। 16ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ, ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ। 17ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁੱਖ ਨੂੰ ਭੁੱਲ ਗਿਆ ਹਾਂ। 18ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ, ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ। 19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ! 20ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ, ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ। 21ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ, ਇਸ ਲਈ ਮੈਨੂੰ ਆਸ ਹੈ। 22ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ! 23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ। 24ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ, ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ। 25ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ, ਉਸ ਦੇ ਲਈ ਯਹੋਵਾਹ ਭਲਾ ਹੈ। 26ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਓ ਲਈ ਆਸ ਰੱਖੇ। 27ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ। 28ਉਹ ਇਕੱਲਾ ਅਤੇ ਚੁੱਪ ਰਹੇ, ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ। 29ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ, ਸ਼ਾਇਦ ਕੁਝ ਆਸ ਹੋਵੇ! 30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ, ਉਹ ਨਿੰਦਿਆ ਸਹਿ ਲਵੇ! 31ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ। 32ਭਾਵੇਂ ਉਹ ਦੁੱਖ ਵੀ ਦੇਵੇ, ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ। 33ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ, ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ। 34ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ, 35ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ, 36ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੂ ਵੇਖ ਨਹੀਂ ਸਕਦਾ! 37ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ, ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ? 38ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ? 39ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ, ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ? 40ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ, ਅਤੇ ਯਹੋਵਾਹ ਵੱਲ ਮੁੜੀਏ! 41ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ, 42ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮੁਆਫ਼ ਨਹੀਂ ਕੀਤਾ। 43ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ, ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ। 44ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ, ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ। 45ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ। 46ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ, 47ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ਼ ਸਾਡੇ ਉੱਤੇ ਆ ਪਏ ਹਨ। 48ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ। 49ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ, 50ਜਦ ਤੱਕ ਯਹੋਵਾਹ ਸਵਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ। 51ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ। 52ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ, ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ। 53ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ, ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ। 54ਪਾਣੀ ਮੇਰੇ ਸਿਰ ਦੇ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ ਹਾਂ! 55ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ, 56ਤੂੰ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ! 57ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ! 58ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ। 59ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ, ਤੂੰ ਮੇਰਾ ਨਿਆਂ ਕਰ! 60ਤੂੰ ਉਹਨਾਂ ਦਾ ਬਦਲਾ ਵੇਖਿਆ ਹੈ, ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ। 61ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ, ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ। 62ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ। 63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ! ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ। 64ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ। 65ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ। 66ਹੇ ਯਹੋਵਾਹ, ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ, ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ।

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।